Sunday, July 13, 2014

ਗਾਂਧੀ ਪਰਿਵਾਰ ਵਲੋਂ ਖਿੱਤੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਵਿਰੁੱਧ ਸਿੱਖਾਂ ਨੂੰ ਵੰਡ ਕੇ ਰਾਸ਼ਟਰਪਤੀ ਨੂੰ ਮਿਲਣਗੇ ਸੁਖਬੀਰਚੰਡੀਗੜ੍ਹ, 13 ਜੁਲਾਈ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਸਿੱਖਾਂ ਨੂੰ ਵੰਡਕੇ ਖਿੱਤੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਰਚੀ ਗਈ ਸਾਜ਼ਿਸ਼ ਵਿਰੁੱਧ ਸਿੱਖ ਕੌਮ ਦੇ ਆਗੂਆਂ ਦਾ ਵਫਦ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗਾ। ਅੱਜ ਇੱਥੋਂ ਜਾਰੀ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਵਫਦ ਸ੍ਰੀਮਤੀ ਗਾਂਧੀ ਵਲੋਂ ਰਚੀ ਗਈ ਸਾਜ਼ਿਸ਼ ਬਾਰੇ ਜਿੱਥੇ ਰਾਸ਼ਟਰਪਤੀ ਨੂੰ ਜਾਣਕਾਰੀ ਦੇਵੇਗਾ ਉੱਥੇ ਇਹ ਵੀ ਮੰਗ ਕੀਤੀ ਜਾਵੇਗੀ ਕਿ ਸਿੱਖ ਕੌਮ ਦੇ ਮਸਲਿਆਂ ਵਿਚ ਕਿਸੇ ਨੂੰ ਦਖਲ ਅੰਦਾਜੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਕਾਂਗਰਸ ਦੇ ਸਿੱਖ ਕੌਮ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰਨ ਲਈ ਉਸ ਵਲੋਂ ਸਮੇਂ-ਸਮੇਂ ਸਿਰ ਅੰਜਾਮ ਦਿੱਤੀਆਂ ਕਾਰਵਾਈਆਂ ਜਿਵੇਂ ਕਿ 84 ਸਿੱਖ ਨਸਲਕੁਸ਼ੀ ਤੇ ਸਾਕਾ ਨੀਲਾ ਤਾਰਾ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 'ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਸਿੱਖ ਅਜੇ ਵੀ 84 ਦੇ ਜ਼ਖਮਾਂ ਦੀ ਤਾਬ ਝੱਲ ਰਹੇ ਹਨ ਤੇ ਹੁਣ ਫਿਰ ਗਾਂਧੀ ਪਰਿਵਾਰ ਵਲੋਂ ਸਿੱਖ ਕੌਮ ਵਿਚ ਵੰਡੀਆਂ ਪਾ ਕੇ ਪੂਰੇ ਖੇਤਰ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ'। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤਰ ਵਿਚ ਅਮਨ ਤੇ ਕਾਨੂੰਨ ਨੂੰ ਕਿਸੇ ਵੀ ਕਿਸਮ ਦੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ।
News From: http://www.DailySuraj.com