Friday, July 15, 2011

ਜ਼ਿਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ 289 ਸਵੈ-ਸਹਾਇਤਾ ਸਮੂਹਾਂ ਨੂੰ 918 ਲੱਖ ਰੁਪਏ ਦੇ ਕਰਜ਼ੇ ਪ੍ਰਦਾਨ: ਡਿਪਟੀ ਕਮਿਸ਼ਨਰਪਟਿਆਲਾ, 23 ਜੂਨ (ਪੀ.ਐਸ.ਗਰੇਵਾਲ) - ‘‘ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪਟਿਆਲਾ ਦੇ ਪ੍ਰਬੰਧਾਂ ਹੇਠ ਵੱਖ-ਵੱਖ ਕਿੱਤਿਆਂ ਦੇ ਕਰੀਬ 289 ਸਵੈ-ਸਹਾਇਤਾ ਸਮੂਹ ਚਲਾਏ ਜਾ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਬੈਂਕਾਂ ਰਾਹੀਂ ਲਗਭਗ 918 ਲੱਖ ਰੁਪਏ ਕਰਜੇ ਮੁਹੱਈਆ ਕਰਵਾਏ ਗਏ ਹਨ ਅਤੇ 286 ਲੱਖ ਰੁਪਏ ਅਨੁਦਾਨ ਰਾਸ਼ੀ ਵੱਜੋਂ ਦਿੱਤੇ ਗਏ ਹਨ । ’’ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਪਟਿਆਲਾ-ਸਰਹੰਦ ਰੋਡ ’ਤੇ ਸਥਿਤ ਪਿੰਡ ਹਸਨਪੁਰ ਪੁਰੋਹਿਤਾਂ ਅਤੇ ਬਲਾਕ ਸਨੌਰ ਦੇ ਪਿੰਡਾਂ ਖੇੜਾ ਜੱਟਾਂ ਅਤੇ ਕੱਲਰ ਭੈਣੀ ਵਿਖੇ ਚਲਾਏ ਜਾ ਰਹੇ ‘ਸਵੈ ਸਹਾਇਤਾ ਸਮੂਹਾਂ ’ ਦੀ ਕਾਰਜ ਪ੍ਰਣਾਲੀ ਦਾ ਜਾਇਜ਼ਾ ਲੈਣ ਮਗਰੋਂ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਪਰਿਵਾਰਾਂ ਲਈ ਕਈ ਭਲਾਈ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ ਤਹਿਤ ਵਿਅਕਤੀਗਤ ਤੌਰ ’ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਅਤੇ ਪਿੰਡਾਂ ਵਿੱਚ ‘ ਸਵੈ ਸਹਾਇਤਾ ਸਮੂਹ’ ਬਣਾ ਕੇ ਵੱਖ-ਵੱਖ ਬੈਂਕਾਂ ਤੋਂ 3 ਲੱਖ ਰੁਪਏ ਦਾ ਕਰਜਾ ਦਿਵਾਇਆ ਜਾਂਦਾ ਹੈ ਜਿਸ ’ਤੇ ਇੱਕ ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਵਿੱਚ 2234 ਵਿਅਕਤੀਗਤ ਸਵੈ-ਰੁਜ਼ਗਾਰੀਆਂ ਨੂੰ 193.17 ਲੱਖ ਰੁਪਏ ਅਨੁਦਾਨ ਦੀ ਰਾਸ਼ੀ ਵੱਜੋਂ ਅਤੇ 794.93 ਲੱਖ ਰੁਪਏ ਬੈਂਕਾਂ ਤੋਂ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ । ਉਨ੍ਹਾਂ ਨੇ ਅਜਿਹੇ ਛੋਟੇ ਉਦਯੋਗਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕੀਤੇ ਜਾਣ ਦੀ ਗੱਲ ਆਖਦਿਆਂ ਸਮੂਹਾਂ ਦੇ ਮੈਂਬਰਾਂ ਨੂੰ ਕਿਹਾ ਕਿ ਨੇੜਲੇ ਪਿੰਡਾਂ ਦੀਆਂ ਹੋਰਨਾਂ ਲੋੜਵੰਦ ਔਰਤਾਂ ਨੂੰ ਵੀ ਇਸ ਕੰਮ ਨਾਲ ਜੋੜਿਆ ਜਾਵੇ । ਉਹਨਾਂ ਕਿਹਾ ਕਿ ਹੱਥ-ਖੱਡੀ ਰਾਹੀਂ ਤਿਆਰ ਸਮਾਨ ਮਿਆਰੀ ਅਤੇ ਸਸਤਾ ਹੁੰਦਾ ਹੈ ਅਤੇ ਆਮ ਲੋਕਾਂ ਵਿੱਚ ਇਸ ਦੀ ਕਾਫੀ ਮੰਗ ਹੈ ਜਿਸ ਕਰਕੇ ਇਸ ਸਕੀਮ ਦਾ ਲਾਭ ਵੱਧ ਤੋਂ ਵੱਧ ਪੇਂਡੂ ਲੋਕਾਂ ਤੱਕ ਪੁੱਜਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪੇਂਡੂ ਔਰਤਾਂ ਨੂੰ ਆਮਦਨ ਦੇ ਵਸੀਲੇ ਮੁਹੱਈਆ ਕਰਵਾਉਣ ਲਈ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਲਗਾਤਾਰ ਪਿੰਡਾਂ ਦਾ ਸਰਵੇਖਣ ਕਰਦੇ ਹੋਏ ਅਜਿਹੇ ਲੋੜਵੰਦਾਂ ਨੂੰ ਸੂਚੀਬੱਧ ਕਰਦੀ ਹੈ ਜਿਹੜੇ ਘਰ ਬੈਠਿਆਂ ਹੀ ਆਪਣੀ ਮਿਹਨਤ ਅਤੇ ਹੁਨਰ ਦੇ ਸੁਮੇਲ ਨਾਲ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਹਨ ਅਤੇ ਆਪਣੀ ਕਮਾਈ ਦੇ ਵਿੱਚੋਂ ਸਮੇਂ ਸਿਰ ਬੈਂਕਾਂ ਤੋਂ ਪ੍ਰਾਪਤ ਕਰਜਾ ਮੋੜਦੇ ਰਹਿੰਦੇ ਹਨ । ਡਿਪਟੀ ਕਮਿਸ਼ਨਰ ਨੇ ਆਪਣੇ ਇਸ ਦੌਰੇ ਦੌਰਾਨ ਇਨ੍ਹਾਂ ਪਿੰਡ ਦੇ ਕੁਝ ਘਰਾਂ ਵਿੱਚ ਔਰਤਾਂ ਵੱਲੋਂ ਖੱਡੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਦਰੀਆਂ ਅਤੇ ਖੇਸ ਵੀ ਵੇਖੇ। ਉਹਨਾਂ ਨੇ ਰਵਾਇਤੀ ਖੱਡੀ ਨਾਲ ਖੇਸ ਤਿਆਰ ਕਰ ਰਹੀਆਂ ਔਰਤਾਂ ਤੋਂ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਸਵੈ-ਸਹਾਇਤਾ ਸਮੁੂਹਾਂ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟੋ ਘੱਟ 10 ਅਤੇ ਵੱਧ ਤੋਂ ਵੱਧ 19 ਹੋ ਸਕਦੀ ਹੈ ਅਤੇ ਇਸ ਸਮੂਹ ਦਾ ਨਾਮਕਰਨ ਕੀਤੇ ਜਾਣ ਤੋਂ ਬਾਅਦ ਬੈਂਕ ਵਿੱਚ ਖਾਤਾ ਖੋਲ ਦਿੱਤਾ ਜਾਂਦਾ ਹੈ ਜਿਸ ਵਿੱਚ ਪ੍ਰਤੀ ਮੈਂਬਰ ਆਪਣੀ ਸਮਰੱਥਾ ਦੇ ਮੁਤਾਬਕ ਰਾਸ਼ੀ ਦੀ ਬੱਚਤ ਕਰਦਾ ਹੈ ਜੋ ਕਿ ਬੈਂਕ ਦੇ ਖਾਤੇ ਵਿੱਚ ਹਰ ਮਹੀਨੇ ਜਮਾਂ ਕੀਤੀ ਜਾਂਦੀ ਹੈ । ਛੇ ਮਹੀਨਿਆਂ ਬਾਅਦ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਸਮੂਹ ਦੀ ਦਰਜਾਬੰਦੀ ਕੀਤੀ ਜਾਂਦੀ ਹੈ ਅਤੇ ਬੱਚਤ ਦਾ ਜਾਇਜ਼ਾ ਲੈਣ ਤੋਂ ਬਾਅਦ ਸਕੀਮ ਦੇ ਮਾਪਦੰਡਾਂ ’ਤੇ ਖਰਾ ਉਤਰਨ ਵਾਲੇ ਸਮੂਹ ਨੂੰ ਵੱਧ ਤੋਂ ਵੱਧ ਦਸ ਹਜ਼ਾਰ ਰੁਪਏ ਅਤੇ ਘੱਟ ਤੋਂ ਘੱਟ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਰਿਵਾਲਵਿੰਗ ਫੰਡ ਦੇ ਤੌਰ ਤੇ ਦਿੱਤੀ ਜਾਂਦੀ ਹੈ । ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਦੂਜੀ ਦਰਜਾਬੰਦੀ ਤਹਿਤ ਸਮੂਹ ਦੇ ਸਹੀ ਪਾਏ ਜਾਣ ਦੀ ਸੂਰਤ ਵਿੱਚ ਕਰਜ਼ੇ ਦਾ ਕੇਸ ਤਿਆਰ ਕਰਕੇ ਸਬੰਧਤ ਬੈਂਕ ਨੂੰ ਪ੍ਰਵਾਨਗੀ ਹਿਤ ਭੇਜ ਦਿੱਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮੈਬਰਾਂ ਨੂੰ ਕਿੱਤਿਆਂ ਬਾਰੇ ਲੋੜੀਂਦੀ ਜਾਣਕਾਰੀ ਦੇਣ ਲਈ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਸਿਖਲਾਈ ਵੀ ਦਿੱਤੀ ਜਾਂਦੀ ਹੈ । ਪਿੰਡ ਹਸਨਪੁਰ ਪੁਰੋਹਿਤਾਂ ਵਿਖੇ ਕਾਰਜਸ਼ੀਲ ਸਵੈ-ਸਹਾਇਤਾ ਸਮੂਹ ਦੀ ਪ੍ਰਧਾਨ ਸ਼੍ਰੀਮਤੀ ਜਸਵੰਤ ਕੌਰ ਨੇ ਦੱਸਿਆ ਕਿ ਇਸ ਸਕੀਮ ਨਾਲ ਮਿਲੇ ਕਰਜ਼ੇ ਨੂੰ ਉਨ੍ਹਾਂ ਵੱਲੋਂ ਵਿਆਜ਼ ਸਮੇਤ ਮੋੜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਮਾਲੀ ਹਾਲਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕੋਟੀਆਂ-ਸਵੈਟਰਾਂ ਦੀ ਪੁਰਾਣੀ ਉੱਨ ਨਾਲ ਤਿਆਰ ਕੀਤਾ ਜਾਣ ਵਾਲਾ ਸਮਾਨ ਹੱਥੋਂ-ਹੱਥ ਵਿਕ ਜਾਂਦਾ ਹੈ । ਇੱਕ ਹੋਰ ਲਾਭਪਾਤਰੀ ਸ਼੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਉਹ ਘਰ ਦਾ ਕੰਮ-ਕਾਰ ਮੁਕੰਮਲ ਕਰਨ ਤੋਂ ਬਾਅਦ ਰੋਜ਼ਾਨਾ 2 ਤੋਂ 3 ਦਰੀਆਂ ਖੱਡੀ ਰਾਹੀਂ ਤਿਆਰ ਕਰ ਦਿੰਦੇ ਹਨ ਅਤੇ ਇਸ ਕੰਮ ਨਾਲ ਜਿਥੇ ਉਨ੍ਹਾਂ ਦਾ ਰੁਝੇਵਾਂ ਬਣਿਆ ਰਹਿੰਦਾ ਹੈ ਉਥੇ ਨਾਲ ਹੀ ਉਹਨਾਂ ਦੀ ਵਿੱਤੀ ਹਾਲਤ ਵਿੱਚ ਵੀ ਮਜ਼ਬੂਤੀ ਆ ਰਹੀ ਹੈ । ਇਸੇ ਤਰਾਂ ਪਿੰਡ ਖੇੜਾ ਜੱਟਾਂ ਵਿਖੇ ਸਿਲਾਈ ਕਢਾਈ ’ਤੇ ਅਧਾਰਿਤ ਸਵੈ-ਸਹਾਇਤਾ ਸਮੂਹ ਵਿੱਚ ਕਾਰਜਸ਼ੀਲ ਸ਼੍ਰੀਮਤੀ ਅਜੀਤ ਕੌਰ ਅਤੇ ਸ਼੍ਰੀਮਤੀ ਸਤਪਾਲ ਕੌਰ ਨੇ ਕਿਹਾ ਕਿ ਸਰਕਾਰ ਦੀ ਇਸ ਸਕੀਮ ਨੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਹੋਰ ਔਰਤਾਂ ਨੂੰ ਵੀ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਪਿੰਡ ਕੱਲਰਭੈਣੀ ਵਿੱਚ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹ ਦੀਆਂ ਮੈਂਬਰਾਂ ਵੱਲੋਂ ਪੁਰਾਣੇ ਕੱਪੜਿਆਂ ਦੀ ਲੀਰਾਂ ਨਾਲ ਤਿਆਰ ਕੀਤੀਆਂ ਜਾ ਰਹੀਆਂ ਦਰੀਆਂ ਦਾ ਜਾਇਜ਼ਾ ਵੀ ਡਿਪਟੀ ਕਮਿਸ਼ਨਰ ਵੱਲੋਂ ਲਿਆ ਗਿਆ । ਇਸ ਮੌਕੇ ਵਿਭਾਗੀ ਅਧਿਕਾਰੀ ਅਤੇ ਖੋਜਕਰਤਾ ਸ਼੍ਰੀ ਰਾਜੇਸ਼ ਮਿੱਤਲ ਨੇ ਦੱਸਿਆ ਕਿ ਖੱਡੀ ਦੇ ਕੰਮ ਤੋਂ ਇਲਾਵਾ ਇਸ ਸਕੀਮ ਅਧੀਨ ਸਵੈ-ਰੋਜ਼ਗਾਰੀ ਆਪਣੇ ਪੱਧਰ ’ਤੇ ਕਰਜ਼ੇ ਦੀ ਰਾਸ਼ੀ ਨਾਲ ਸਿਲਾਈ ਜਾਂ ਕਢਾਈ ਮਸ਼ੀਨ, ਧਾਗੇ, ਪ੍ਰੈਸ ਆਦਿ ਦਾ ਸਮਾਨ ਖਰੀਦ ਕੇ ਮੰਗ ਦੇ ਮੁਤਾਬਕ ਸਮਾਨ ਤਿਆਰ ਕਰਦੇ ਹਨ ਅਤੇ ਸਵੈ-ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤਾ ਗਿਆ ਇਹ ਸਮਾਨ , ਜਿਵੇਂ ਫੁਲਕਾਰੀ ਸੂਟ, ਫੁਲਕਾਰੀ ਦੁਪੱਟੇ, ਹੱਥ ਪੱਖੀਆਂ, ਸਿਰਹਾਣਿਆਂ ਦੇ ਕਵਰ, ਚਾਦਰਾਂ ਆਦਿ ਦੀ ਵਿਕਰੀ ਭਾਰਤ ਸਰਕਾਰ ਦੇ ਪ੍ਰਬੰਧਾਂ ਹੇਠ ਲੱਗਣ ਵਾਲੇ ‘ ਸਾਰਸ ਮੇਲਿਆਂ ’ ਵਿੱਚ ਕੀਤੀ ਜਾਂਦੀ ਹੈ । ਪਿੰਡਾਂ ਵਿੱਚ ਜਾ ਕੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਵਿਭਾਗੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਸਰਗਰਮ ਗ੍ਰਾਮ ਸੇਵਿਕਾ ਸ਼੍ਰੀਮਤੀ ਸਰੋਜ ਬਾਲਾ ਅਤੇ ਗ੍ਰਾਮ ਸੇਵਿਕਾ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਘਰ-ਬਾਰ ਛੱਡ ਕੇ ਬਾਹਰ ਮਜਦੂਰੀ ਕਰਨ ਨਾਲੋਂ ਸਵੈ ਸਹਾਇਤਾ ਸਮੂਹਾਂ ਦਾ ਗਠਨ ਕਰਕੇ ਸਾਂਝੇ ਤੌਰ ’ਤੇ ਜਾਂ ਵਿਅਕਤੀਗਤ ਤੌਰ ’ਤੇ ਕੰਮ ਕਰਨਾ ਕਿਤੇ ਵੱਧ ਸੁਖਾਲਾ ਹੈ ਜਿਸ ਕਾਰਨ ਪਟਿਆਲਾ ਜ਼ਿਲੇ ਵਿੱਚ ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਦਾ ਆ ਰਿਹਾ ਹੈ।

ਯਾਨਾ ਗੁਪਤਾ ਇਕ ਵਾਰ ਫਿਰ ਆਪਣੇ ਹੁਸਨ ਦਾ ਜਾਦੂ ਚਲਾਉਣ ਆ ਰਹੀ ਹੈ

ਯਾਨਾ ਗੁਪਤਾ ਇਕ ਵਾਰ ਫਿਰ ਆਪਣੇ ਹੁਸਨ ਦਾ ਜਾਦੂ ਚਲਾਉਣ ਆ ਰਹੀ ਹੈ